ਸਰਕੂਲਰ ਜਾਰੀ ਹੋਣ ਤੱਕ ਸੰਘਰਸ਼ ਜਾਰੀ, ਲੋਕਾਂ ਨੂੰ ਆ ਰਹੀਆਂ ਦਿੱਕਤਾਂ ਲਈ ਸਰਕਾਰ ਤੇ ਮੈਨੇਜਮੈਂਟ ਜਿੰਮੇਵਾਰ : ਆਗੂ
ਲੋਕਾਂ ਨੂੰ ਕਰਨਾ ਪੈ ਸਕਦਾ ਪ੍ਰੇਸ਼ਾਨੀਆਂ ਦਾ ਹੋਰ ਸਾਹਮਣਾ
ਲੁਧਿਆਣਾ 13 ਅਗਸਤ (ਹਰਸ਼ਦੀਪ ਸਿੰਘ ਮਹਿਦੂਦਾਂ, ਮਨਪ੍ਰੀਤ ਸਿੰਘ ਰਣ ਦਿਓ) ਲੰਘੀ 2 ਜੂਨ ਨੂੰ ਮੰਨੀਆਂ 25 ਮੰਗਾਂ ਦੇ ਸਰਕੂਲਰ ਜਾਰੀ ਕਰਵਾਉਣ ਲਈ ਬਿਜਲੀ ਮੁਲਾਜਮਾਂ ਵੱਲੋਂ ਪੀ ਐਸ ਈ ਬੀ ਇੰਪਲਾਈਜ ਜੁਆਇੰਟ ਫੋਰਮ, ਬਿਜਲੀ ਮੁਲਾਜਮ ਏਕਤਾ ਮੰਚ, ਗਰਿੱਡ ਯੂਨੀਅਨ, ਏ ਓ ਜੇ ਈ ਅਤੇ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ ਪੰਜਾਬ ਦੇ ਸਾਂਝੇ ਝੰਡੇ ਹੇਠ ਸਮੂਹਿਕ ਛੁੱਟੀਆਂ ਭਰਕੇ "ਔਜਾਰ ਤੇ ਕਲਮ ਛੋੜ" ਦਾ ਸ਼ੁਰੂ ਕੀਤਾ ਸੰਘਰਸ਼ ਤੀਜੇ ਦਿਨ ਨੂੰ ਪਾਰ ਕਰ ਗਿਆ। ਜਿਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਰਘਵੀਰ ਸਿੰਘ ਰਾਮਗੜ੍ਹ, ਰਛਪਾਲ ਸਿੰਘ ਪਾਲੀ, ਕੇਵਲ ਸਿੰਘ ਬਨਵੈਤ, ਸਤੀਸ਼ ਭਾਰਦਵਾਜ ਅਤੇ ਪਲਵ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ, ਬਿਜਲੀ ਮੰਤਰੀ ਅਤੇ ਮੈਨੇਜਮੈਂਟ ਵੱਲੋਂ ਮੰਨੀਆਂ ਮੰਗਾਂ ਦਾ ਕੋਈ ਵੀ ਨੋਟੀਫਿਕੇਸ਼ਨ ਨਾ ਜਾਰੀ ਕੀਤੇ ਜਾਣ ਦੇ ਕਾਰਨ ਮੁਲਾਜਮਾਂ ਦਾ ਰੋਸ ਹੋਰ ਵਧ ਗਿਆ ਅਤੇ ਉਨ੍ਹਾਂ ਅੱਜ ਤੀਜੇ ਦਿਨ ਵੀ ਪੰਜਾਬ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ। ਸਰਕਾਰ ਦੇ ਵਿਵਹਾਰ ਤੋਂ ਰੋਹ ਨਾਲ ਭਰੀਆਂ ਮੁਲਾਜਮ ਜਥੇਬੰਦੀਆਂ ਵੱਲੋਂ 3 ਦਿਨ ਦੀਆਂ ਸਮੂਹਿਕ ਛੁੱਟੀਆਂ 'ਚ 14 ਅਤੇ 15 ਅਗਸਤ ਦਾ ਹੋਰ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਗੁਰਪ੍ਰੀਤ ਸਿੰਘ ਮਹਿਦੂਦਾਂ, ਰਘਵੀਰ ਸਿੰਘ ਜਮਾਲਪੁਰ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ 15 ਅਗਸਤ ਦੇ ਆਜ਼ਾਦੀ ਦਿਹਾੜੇ 'ਤੇ ਝੰਡਾ ਲਹਿਰਾਉਣ ਆਏ ਸਰਕਾਰ ਦੇ ਨੁਮਾਇੰਦਿਆਂ ਅਤੇ ਹੋਰਨਾਂ ਅਹੁਦੇਦਾਰਾਂ ਦਾ ਸਵਾਗਤ ਬਿਜਲੀ ਕਾਮਿਆਂ ਵੱਲੋਂ ਕਾਲੀਆਂ ਝੰਡੀਆਂ ਲਹਿਰਾ ਕੇ ਨੇੜੇ ਦੇ ਬਿਜਲੀ ਦਫਤਰ ਚੋਂ ਕੀਤਾ ਜਾਵੇਗਾ। ਉਨ੍ਹਾਂ ਸਾਰੇ ਬਿਜਲੀ ਮੁਲਾਜਮਾਂ ਨੂੰ ਸੰਘਰਸ਼ 'ਚ ਉਦੋਂ ਤੱਕ ਡਟੇ ਰਹਿਣ ਲਈ ਕਿਹਾ ਜਦੋਂ ਤੱਕ ਮੰਨੀਆਂ ਹੋਈਆਂ ਮੰਗਾਂ ਦਾ ਸਰਕੂਲਰ ਜਾਰੀ ਨਹੀਂ ਜਾਂਦੇ।ਇਸ ਮੌਕੇ ਧਰਮਿੰਦਰ, ਦਲਜੀਤ ਸਿੰਘ ਗਰੇਵਾਲ, ਦੀਪਕ ਕੁਮਾਰ, ਸਰਤਾਜ ਸਿੰਘ, ਸੁਖਦੇਵ ਸਿੰਘ, ਮੁਨੀਸ਼ ਕੁਮਾਰ, ਗੱਬਰ ਸਿੰਘ, ਓਮੇਸ਼ ਕੁਮਾਰ, ਇੰਦਰਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਹੋਰ ਬਿਜਲੀ ਮੁਲਾਜਮ ਹਾਜਰ ਸਨ।
No comments
Post a Comment